ਮੀਰੀ-ਪੀਰੀ ਦੀਆਂ ਤਲਵਾਰਾਂ
Poetry on Miri Piri Diwas - Dedicated to 6th Guru Hargobind Sahib Ji.
Title of the Poem | Poet | Language |
---|---|---|
Miri Piri Dian Talwaran (Swords of Miri Piri) | Karamjit Singh Gathwala | Punjabi |
ਮੀਰੀ-ਪੀਰੀ ਦੀਆਂ ਤਲਵਾਰਾਂ ਸਤਿਗੁਰ ਪਾ ਲਈਆਂ
ਧਾਰਾਂ ਸ਼ਾਂਤ ਤੇ ਬੀਰ ਰਸ ਦੀਆਂ ਦਿਲੀਂ ਵਸਾ ਲਈਆਂ
ਤੱਤੀ ਤਵੀ ਦਾ ਸੇਕ ਫੈਲਿਆ ਚਾਰ ਚੁਫੇਰੇ ਸੀ
ਜਬਰ-ਜ਼ੁਲਮ ਨੇ ਸੱਚ-ਧਰਮ ਨੂੰ ਪਾ ਲਏ ਘੇਰੇ ਸੀ
ਮਜ਼ਲੂਮਾਂ ਦੀਆਂ ਸਾਰਾਂ ਕਿਸੇ ਨੇ ਆ ਕੇ ਨਾ ਲਈਆਂ
ਸ਼ਾਂਤ ਰਸ ਵਿੱਚ ਲਾਲੀ ਗੂੜ੍ਹੀ ਪਾਈ ਸ਼ਹੀਦੀ ਨੇ
ਬੀਰ ਰਸ ਦੀ ਮੋਹੜੀ ਆ ਫਿਰ ਲਾਈ ਸ਼ਹੀਦੀ ਨੇ
ਬਿਧੀ ਚੰਦ ਹੋਰਾਂ ਦੀਆਂ ਬਾਹਾਂ ਫਰਕਣ ਲਾ ਲਈਆਂ
ਸ਼ਾਂਤ ਰਸ ਹੈ ਬਲ ਬਖ਼ਸ਼ਦਾ ਰੂਹਾਂ ਖਰੀਆਂ ਨੂੰ
ਬੀਰ ਰਸ ਡੋਲ੍ਹ ਹੈ ਦਿੰਦਾ ਜ਼ਹਿਰਾਂ ਭਰੀਆਂ ਨੂੰ
ਡੌਲ਼ਿਆਂ ਦੀ ਤਾਕਤ ਨੇ ਹੱਥ ਸ਼ਮਸ਼ੀਰਾਂ ਚਾ ਲਈਆਂ
ਗਵਾਲੀਅਰੋਂ ਕਰੀ ਤਿਆਰੀ ਸਤਿਗੁਰ ਆਵਣ ਦੀ
ਆਸ ਕੈਦੀ ਰਾਜਿਆਂ ਦੀ ਟੁੱਟੀ ਮੁਕਤੀ ਪਾਵਣ ਦੀ
ਜਿੱਦਾਂ ਕਿਸੇ ਪਤੰਗਾਂ ਅੱਧ ਅਸਮਾਨੋਂ ਲਾਹ ਲਈਆਂ
‘ਸਤਿਗੁਰਾਂ ਦਾ ਚੋਲਾ ਫੜਕੇ ਜੋ ਬਾਹਰ ਲੰਘ ਜਾਵੇਗਾ’
ਜਹਾਂਗੀਰ ਆਖਿਆ ‘ਉਹੀਓ ਕੈਦੋਂ ਛੱਡਿਆ ਜਾਵੇਗਾ’
ਸਤਿਗੁਰਾਂ ਚੋਲੇ ਤਾਈਂ ਬਵੰਜਾ ਤਣੀਆਂ ਲਾ ਲਈਆਂ
ਮੀਰੀ ਪੀਰੀ ਵਾਲੇ
Title of the Poem | Poet | Language |
---|---|---|
Miri Piri Wale | Vidhata Singh Teer | Punjabi |
ਕਿਸੇ ਇੱਕ ਖਿਆਲ ਵਿੱਚ ਗੁੰਮ ਹੋਇਆਂ,
ਦਸਾਂ ਕੀ ? ਜੇਹੜਾ ਚਮਤਕਾਰ ਡਿੱਠਾ ।
'ਸ਼ਾਂਤੀ' 'ਬੀਰਤਾ' ਗਾਤਰੇ-ਪਾਈ ਹੋਈ,
ਬਾਂਕੇ ਘੋੜੇ ਤੇ ਇਕ ਸਵਾਰ ਡਿੱਠਾ ।
ਓਹਦੀ ਚਾਨਣੀ ਦਾ ਭਰੇ ਚੰਨ ਪਾਣੀ,
ਓਹਨੂੰ ਨੂਰ ਦਾ ਪਿਆ ਪ੍ਰਵਾਰ ਡਿੱਠਾ ।
ਗੰਗਾ ਆ ਆ ਕੇ ਧੋਵੇ ਚਰਨ ਜਿਸਦੇ,
ਗੰਗਾ ਮਾਈਂ ਦਾ ਉਹ ਹੋਣਹਾਰ ਡਿੱਠਾ ।
ਓਹਨੂੰ ਵੇਖ ਕੇ ਚੜ੍ਹ ਗਿਆ ਚਾ ਮੈਨੂੰ,
ਦਸਾਂ ਕੀ ਹਾਲਤ ਮੇਰੀ ਜੋ ਹੋ ਗਈ ।
ਓਹਦੇ ਚਿਹਰੇ ਦੀ ਪਈ ਚਿਲਕੋਰ ਐਸੀ,
ਲੂੰਅ ਲੂੰ ਮੇਰੇ ਅੰਦਰ ਲੋ ਹੋ ਗਈ ।
ਵਾਂਙ ਗੋਲੀਆਂ ਚਰਨਾਂ ਦੇ ਵਿੱਚ ਬਹਿ ਕੇ,
'ਕਰਦੀ ਓਦ੍ਹੀ ਵਡਿਆਈ' ਵਡਿਆਈ ਵੇਖੀ ।
ਮੁਕਤ ਓਸ ਤੋਂ 'ਮੰਗਦੀ ਮੁਕਤ ਵੇਖੀ',
ਸੱਚ ਮੰਗਦੀ ਓਥੋਂ ਸਚਿਆਈ ਵੇਖੀ ।
'ਤਣੀਆਂ ਫੜ ਫੜਕੇ ਸੱਚੇ ਤਣੀ ਦੀਆਂ,
ਜਨਮ ਜੂਨ ਤੋਂ ਹੁੰਦੀ ਰਿਹਾਈ ਵੇਖੀ ।
'ਰੇਜਾ' ਗਾੜ੍ਹੇ ਦਾ ਵੇਖਿਆ ਭੇਟ ਚੜ੍ਹਦਾ',
'ਤਰਦੀ ਮਾਈ ਦੇ ਨਾਲ ਲੁਕਾਈ ਵੇਖੀ ।
ਜਿਦ੍ਹੇ ਪੈਰਾਂ 'ਚ ਰੁਲਦੀਆਂ ਪਾਤਸ਼ਾਹੀਆਂ,
ਡਿੱਠਾ ਓਸ ਸੱਚੀ ਪਾਤਸ਼ਾਹੀ ਨੂੰ ਮੈਂ ।
ਪੜ੍ਹੇ ਪੰਡਤਾਂ ਦੀ ਨਹੀਂ ਪਹੁੰਚ ਜਿੱਥੇ,
ਓਥੇ ਪੁੱਜਦਾ ਵੇਖਿਆ ਘਾਹੀ ਨੂੰ ਮੈਂ ।
ਰੰਗਾ ਰੰਗ ਦੇ ਹੀ ਉਹਦੇ ਰੂਪ ਡਿੱਠੇ,
'ਬੰਦੀਵਾਨ ਵੀ ਏ' 'ਬੰਦੀ ਛੋੜ ਵੀ ਏ ।'
'ਲਾਕੇ ਤੋੜਦਾ ਨਹੀਂ 'ਤੋੜ ਚਾੜ੍ਹਦਾ ਏ',
'ਮਾਣ ਰੱਖ ਵੀ ਏ' ਮਾਣ ਤੋੜ ਵੀ ਏ ।
'ਟੁੱਟੇ ਜੋੜਦਾ ਏ' 'ਜੁੜੇ ਪਿਆਰਦਾ ਏ',
ਏਡਾ ਬਲੀ ਕਿ 'ਬੀਰ ਬੇ ਜੋੜ ਵੀ ਏ ।
ਦਇਆ ਧਰਮ ਦਾ 'ਸੱਤ' 'ਨਿਚੋੜ' ਹੈ ਓਹ,
ਲੈਂਦਾ ਜ਼ੁਲਮ ਦੀ ਰੱਤ ਨਿਚੋੜ ਵੀ ਏ ।
ਡਿੱਠਾ ਉਸ ਦੀ ਮਿਹਰ ਦਾ ਮੀਂਹ ਵਰ੍ਹਦਾ,
ਜਿਨ੍ਹੇ ਫੱਲ ਲਾਏ ਵੱਲ ਸੱਖਣੀ ਨੂੰ ।
ਓਹਦੀ ਸੱਤਿਆ ਇੱਕ ਦੇ ਸੱਤ ਦਿੱਤੇ,
ਆਈ ਮੰਗਦੀ ਮਾਈ ਸੁਲੱਖਣੀ ਨੂੰ ।
ਉਹਦੇ ਡਲ੍ਹਕਦੇ ਝਮਕਦੇ ਨੂਰ ਅੱਗੇ,
ਡਿੱਠਾ ਝੁੱਕਿਆ ਨੂਰ ਜਹਾਨ ਦਾ ਸਿਰ ।
ਓਸ ਸਚੇ ਸੁਲਤਾਨ ਦੇ ਤਾਜ ਅੱਗੇ,
ਨੀਵਾਂ ਡਿੱਠਾ ਜਹਾਂਗੀਰ ਸੁਲਤਾਨ ਦਾ ਸਿਰ ।
ਓਸ ਚੰਨ ਦੇ ਚਿਹਰੇ ਦੀ ਸ਼ਾਨ ਅੱਗੇ,
ਹੈਸੀ ਝੁਕਿਆ ਸ਼ਾਹਾਂ ਦੀ ਸ਼ਾਨ ਦਾ ਸਿਰ ।
ਓਹਦੀ ਬੀਰਤਾ ਤੇ ਅਣਖ ਆਣ ਅੱਗੇ,
ਪਿਆ ਰੁੱਲਦਾ ਸੀ ਅਣਖ ਮਾਨ ਦਾ ਸਿਰ ।
'ਤੀਰ' ਹਰਮੰਦਰ ਅੰਦਰ ਵੱਸਦਾ ਏ,
ਹਰ ਇੱਕ ਦੀ ਅਸਲ ਵਿਚ ਜਿੰਦ ਏ ਓਹ ।
ਮੀਰੀ ਪੀਰੀ ਦੀ ਜਿਨੇ ਕਮਾਈ ਕੀਤੀ,
ਹਰਗੋਬਿੰਦ ਏ ਓਹ ਬਖਸ਼ਿੰਦ ਏ ਓਹ ।
ਮੀਰੀ-ਪੀਰੀ
Title of the Poem | Poet | Language |
---|---|---|
Miri Piri | Babu Firozdin Sharaf | Punjabi |
ਦੁਨੀਆਂ ਅੰਦਰ ਪਾਪਾਂ ਵਾਲੇ ।
ਜਦ ਛਾਏ ਸਨ ਬੱਦਲ ਕਾਲੇ ।
ਵਿੱਚ ਪੰਜਾਬ ਪਿਆ ਚਮਕਾਰਾ ।
ਆਯਾ ਬਾਬਾ ਨਾਨਕ ਪਿਆਰਾ ।
ਡਾਢੀ ਤਿੱਖੀ ਭਗਤੀ ਵਾਲੀ ।
ਤੇਗ਼ ਉਨ੍ਹਾਂ ਨੇ ਹੱਥ ਸੰਭਾਲੀ ।
ਬਦੀਆਂ ਦੂਈਆਂ ਵਾਲੇ ਸਾਰੇ ।
ਫੜ ਫੜ ਓਨ੍ਹਾਂ ਪੂਰ ਨਘਾਰੇ ।
ਸਚ ਖੰਡ ਵਿਚੋਂ ਸੱਦੇ ਆਏ ।
ਜਾਂ ਉਹ ਜੋਤੀ ਜੋਤ ਸਮਾਏ ।
ਭਗਤੀ ਵਾਲੀ ਤੇਗ਼ ਨਿਰਾਲੀ ।
ਗੁਰ ਅੰਗਦ ਨੇ ਆਨ ਸੰਭਾਲੀ ।
ਓਨ੍ਹਾਂ ਨੇ ਵੀ ਫੜ ਚਮਕਾਈ ।
ਗੁਰਿਆਈ ਦੀ ਸਿਲ ਤੇ ਲਾਈ ।
ਨਾਲ ਪਿਆਰੇ ਪ੍ਰੀਤ ਲਗਾਈ ।
ਦੁਨੀਆਂ ਦੀ ਜਹੀ ਸੁੱਧ ਭੁਲਾਈ ।
ਖਾ ਕੇ ਭਾਂਜ ਹਿਮਾਯੂੰ ਆਯਾ ।
ਖ਼ੰਜਰ ਓਹਨੇ ਆਣ ਵਖਾਯਾ ।
ਸੱਚ ਖੰਡੋਂ ਜਾਂ ਸੱਦੇ ਆਏ ।
ਗੁਰ ਅੰਗਦ ਜੀ ਓਥੇ ਧਾਏ ।
ਤਦ ਉਹ ਤੇਗ਼ ਫਕੀਰੀ ਵਾਲੀ ।
ਅਮਰ ਦਾਸ ਜੀ ਆਣ ਸੰਭਾਲੀ ।
ਰਿੱਧ ਸਿੱਧ ਦੀ ਪਾਣ ਚੜ੍ਹਾਕੇ ।
ਰੱਖੀ ਓਨ੍ਹਾਂ ਗਲੇ ਲਗਾ ਕੇ ।
ਗੋਬਿੰਦ ਖਤਰੀ ਦਾ ਇਕ ਜਾਯਾ ।
ਦਿੱਲੀ ਜਿਸ ਨੇ ਸ਼ੋਰ ਮਚਾਯਾ ।
ਗੁਰ ਤੇ ਕੀਤੀ ਓਸ ਚੜ੍ਹਾਈ ।
ਦਾਵੇ ਰੂਪੀ ਤੇਗ ਵਖਾਈ ।
ਚੌਥੀ ਪਾਤਸ਼ਾਹੀ ਜਾਂ ਹੋਈ ।
ਓਨ੍ਹਾਂ ਨੂੰ ਇਹ ਮਿਲੀ ਸਰੋਹੀ ।
ਪ੍ਰਿਥੀ ਚੰਦ ਓਨ੍ਹਾਂ ਦੇ ਭਾਈ ।
ਸੜ ਸੜ ਕੇ ਸੀ ਪਾਣ ਚੜ੍ਹਾਈ ।
ਮਾਲਕ ਇਹਦੇ ਬਣੇ ਨਿਆਰੇ ।
ਸ਼ਾਂਤ ਪੁੰਜ ਫਿਰ ਅਰਜਨ ਪਿਆਰੇ ।
ਚੰਦੂ ਸੁਆਹੀਏ ਜ਼ੁਲਮ ਕਮਾਯਾ ।
ਪਕੜ ਉਨ੍ਹਾਂ ਨੂੰ ਬੜਾ ਸਤਾਯਾ ।
ਏਧਰ ਤੇਗ਼ ਅਮੀਰੀ ਚਮਕੀ ।
ਓਧਰ ਤੇਗ਼ ਫਕੀਰੀ ਚਮਕੀ ।
ਭਗਤੀ ਵਾਲੀ ਤੇਗ਼ ਪਿਆਰੀ ।
ਓਦੋਂ ਵੀ ਨਾ ਹੈਸੀ ਹਾਰੀ ।
ਐਸੇ ਸੁੰਦਰ ਜੌਹਰ ਵਖਾਏ ।
ਕੋਮਲ ਦੇਹ ਤੇ ਛਾਲੇ ਪਾਏ ।
ਤੇਗ਼ ਫਕੀਰੀ ਵਾਲੀ ਭਾਵੇਂ ।
ਹੱਥ ਵਖਾਏ ਡਾਢੇ ਸਾਵੇਂ ।
ਪਰ ਕੁਦਰਤ ਦੇ ਮਨ ਵਿਚ ਆਯਾ ।
ਜ਼ਾਲਮ ਲੋਕਾਂ ਜ਼ੁਲਮ ਕਮਾਯਾ ।
ਘੱਲਾਂ ਉਹ ਅਵਤਾਰ ਪਿਆਰਾ ।
ਦੱਸੇ ਜਿਹੜਾ ਰਾਹ ਨਿਆਰਾ ।
ਹਰ ਨੂੰ ਵੇਖੇ ਇੱਕੋ ਅੱਖੇ ।
ਮੁਕਤੀ ਸ਼ਕਤੀ ਦੋਵੇਂ ਰੱਖੇ ।
ਦੱਸੇ ਜਿਹੜਾ ਜ਼ਿੰਦਾ ਰਹਿਣਾ ।
ਦੁਨੀਆਂ ਦੇ ਵਿਚ ਸਾਵੇਂ ਬਹਿਣਾ ।
ਭਗਤੀ ਦੇ ਵਿਚ ਜਿਊਂਦੇ ਮਰਨਾ ।
ਦਿਲ ਮੋਇਆਂ ਦੇ ਜ਼ਿੰਦਾ ਕਰਨਾ ।
ਗੁਰਿਆਈ ਦੀ ਸ਼ਾਨ ਵਧਾਵੇ ।
ਦੋਵੇਂ ਵਿੱਦਯਾ ਆਣ ਪੜ੍ਹਾਵੇ ।
ਵਿੱਚ ਫਕੀਰਾਂ ਗੁਰੂ ਕਹਾਵੇ ।
ਬਾਦਸ਼ਾਹਾਂ ਦਾ ਤਾਜ ਸੁਹਾਵੇ ।
ਸੋਧੇ ਵਿੰਗੇ ਦੁਨੀਆਂ ਦਾਰਾਂ ।
ਜਿਹੜਾ ਰੱਖੇ ਦੋ ਤਲਵਾਰਾਂ ।
ਭਗਤੀ ਦੀ ਉਹ ਸ਼ਾਨ ਵਖਾਵੇ ।
ਬੰਦੀ ਛੋੜ ਹਮੇਸ਼ ਸਦਾਵੇ ।
ਇਕ ਧਿਰ ਤੇਗ਼ ਅਮੀਰੀ ਰੱਖੇ ।
ਦੂਜੇ ਤੇਗ਼ ਫ਼ਕੀਰੀ ਰੱਖੇ ।
ਇਕ ਧਾਰੋਂ ਤੇ ਅੰਮ੍ਰਤ ਪਿਆਵੇ ।
ਦੂਜੀ ਧਾਰੋਂ ਪਾਰ ਬੁਲਾਵੇ ।
ਰਿਸ਼ੀਆਂ ਮੁਨੀਆਂ ਖ਼ੁਸ਼ੀ ਮਨਾਈ ।
ਰੱਬ ਚਿਰਾਕੀ ਆਸ ਪੁਜਾਈ ।
ਅਰਜਨ ਜੀ ਦੇ ਅੱਖੀ ਤਾਰੇ ।
ਆ ਗਏ ਹਰ ਗੋਬਿੰਦ ਪਿਆਰੇ ।
ਦੋ ਜਗ ਹੱਥਾਂ ਵਿਚ ਲੁਕਾਏ ।
ਦੋਵੇਂ ਵਿੱਦਯਾ ਲੈਕੇ ਆਏ ।
'ਸ਼ਰਫ਼' ਆਏ ਉਹ ਪੰਥ ਸਹਾਈ ।
ਪਹਿਲਾਂ ਜਿਨ੍ਹਾਂ ਤੇਗ਼ ਚਲਾਈ ।
ਮੀਰੀ ਪੀਰੀ ਦਾ ਵਾਲੀ
Title of the Poem | Poet | Language |
---|---|---|
Miri Piri Da Wali | Vidhata Singh Teer | Punjabi |
(ਤਰਜ਼:-ਜਾਤੇ ਹੋ ਕਹਾਂ ਐ ਜਾਨੇ ਜਹਾਂ,
ਅਭੀ ਦਿਲ ਤੋ ਹਮਾਰਾ ਭਰਾ ਈ ਨਹੀਂ ।
ਜੰਗਲਾ ਕਵਾਲੀ)
ਮੀਰੀ ਪੀਰੀ ਅਜਬ ਝਲਕ ਮਾਰੇ ਪਈ,
ਬੇੜੀ ਬਣ ਭਵਜਲੋਂ ਜਗਤ ਤਾਰੇ ਪਈ ।
ਤੇਰੀ ਕਲਗੀ ਦਾ ਪਾਣੀ ਭਰਨ ਬਿਜਲੀਆਂ,
ਚਾਨਣਾ ਵੀ ਦਏ ਨਾਲੇ ਠਾਰੇ ਪਈ ।
ਤੇਰੀ ਬਾਣੀ ਮੋਏ ਨੂੰ ਦਏ ਜ਼ਿੰਦਗੀ,
ਬੀਰਤਾ ਤੇਰੀ ਦਿਲ ਨੂੰ ਉਭਾਰੇ ਪਈ ।
ਤੇਰੀ ਚਰਨਾਂ ਦੀ ਧੂੜੀ ਚਰਾਸੀ ਕਟੇ,
ਲੱਖਾਂ ਜੀਵਾਂ ਦੀ ਵਿਗੜੀ ਸਵਾਰੇ ਪਈ ।
ਹੁਸਨ ਤੇਰੇ ਤੋਂ ਹੈ ਹੁਸਨ ਚੌਖਨੇ,
ਆ ਕੇ 'ਨੂਰੇ-ਜਹਾਂ' ਨੂਰ ਵਾਰੇ ਪਈ ।
ਤੂੰ ਪੁਚਾਇਆ ਉਹਨੂੰ ਮੁਕਤ ਦੇ ਅਰਸ਼ ਤੇ,
ਜੋ ਜੋ ਜਿੰਦੜੀ ਆ ਤੇਰੇ ਦਵਾਰੇ ਪਈ ।
ਸਾਡੀ ਬੇੜੀ ਵੀ ਤਾਰੀਂ ਮਲਾਹਾ ਕਦੇ,
ਗੋਤੇ ਖਾਂਦੀ ਫਸੀ ਮੰਝਧਾਰੇ ਪਈ ।